ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਹੋਏ ਬੰਦ

0
211
Toll plazas closed on Sangrur-Ludhiana road
CM Bhagwant Maan
  • ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੁੱਖਮੰਤਰੀ ਨੇ ਕੀਤਾ ਐਲਾਨ
  • ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦੀ ਵਚਨਬੱਧਤਾ ਦੁਹਰਾਈ

ਇੰਡੀਆ ਨਿਊਜ਼, ਸੰਗਰੂਰ (Toll plazas closed on Sangrur-Ludhiana road) : ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਕਿਉਂ ਜੋ ਇਨ੍ਹਾਂ ਦੋਵਾਂ ਦੀ ਮਿਆਦ ਐਤਵਾਰ ਤੋਂ ਅੱਧੀ ਰਾਤ ਨੂੰ ਖਤਮ ਹੋ ਗਈ। ਮੁੱਖ ਮੰਤਰੀ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਇਨ੍ਹਾਂ ਟੋਲ ਪਲਾਜ਼ਿਆਂ ਦੇ ਪ੍ਰਬੰਧਕ 20 ਮਹੀਨੇ ਦਾ ਵਾਧਾ ਜਾਂ 50 ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਮੰਗ ਕਰ ਰਹੇ ਸਨ ਪਰ ਮੈਂ ਇਸ ਮੰਗ ਨੂੰ ਠੁਕਰਾ ਦਿੱਤਾ ਹੈ ਅਤੇ ਵਡੇਰੇ ਜਨਤਕ ਹਿੱਤ ਵਿੱਚ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।”

5 ਸਤੰਬਰ, 2015 ਨੂੰ ਸੱਤ ਸਾਲ ਦੇ ਅਰਸੇ ਲਈ ਸ਼ੁਰੂ ਕੀਤਾ ਗਿਆ ਸੀ

Toll plazas closed on Sangrur-Ludhiana road

ਮੁੱਖ ਮੰਤਰੀ ਨੇ ਕਿਹਾ ਕਿ ਇਹ ਟੋਲ 5 ਸਤੰਬਰ, 2015 ਨੂੰ ਸੱਤ ਸਾਲ ਦੇ ਅਰਸੇ ਲਈ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਟੋਲ ਤਤਕਾਲੀ ਅਕਾਲੀ ਸਰਕਾਰ ਦਾ ‘ਤੋਹਫ਼ਾ’ ਹੈ ਜਿਸ ਦਾ ਉਮੀਦਵਾਰ ਅਪ੍ਰੈਲ, 2015 ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਜਿੱਤਿਆ ਸੀ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਾਅਦਾ ਕੀਤਾ ਸੀ ਕਿ ਇਹ ਟੋਲ ਸਥਾਪਿਤ ਨਹੀਂ ਕੀਤਾ ਜਾਵੇਗਾ ਪਰ ਜ਼ਿਮਨੀ ਚੋਣ ਜਿੱਤਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਉਮੀਦਵਾਰ ਨੇ ਯੂ-ਟਰਨ ਲੈ ਲਿਆ ਅਤੇ ਉਸੇ ਸਾਲ ਸਤੰਬਰ ਵਿੱਚ ਟੋਲ ਚਾਲੂ ਕਰ ਦਿੱਤਾ ਗਿਆ।

ਅੱਜ ਤੋਂ ਇਹ ਟੋਲ ਪਲਾਜ਼ੇ ਚਾਲੂ ਨਹੀਂ ਹੋਣਗੇ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੱਤ ਸਾਲਾਂ ਤੱਕ ਲੋਕਾਂ ਨੇ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਲੰਘਣ ਲਈ ਆਪਣੀਆਂ ਜੇਬਾਂ ਵਿੱਚੋਂ ਵੱਡੀ ਰਕਮ ਖਰਚ ਕੀਤੀ ਹੈ। ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਵੀ ਟੋਲ ਦਰਾਂ ਦੇ ਵਧਣ ਦਾ ਮੁੱਦਾ ਉਠਾਇਆ ਸੀ ਪਰ ਕੁਝ ਨਾ ਬਣਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਉਂ ਜੋ ਟੋਲ ਪਲਾਜ਼ਿਆਂ ਦੀ ਮਿਆਦ 4 ਸਤੰਬਰ ਦੀ ਅੱਧੀ ਰਾਤ ਤੱਕ ਖਤਮ ਹੋ ਜਾਵੇਗੀ, ਇਸ ਲਈ ਸੋਮਵਾਰ ਤੋਂ ਇਹ ਟੋਲ ਪਲਾਜ਼ੇ ਚਾਲੂ ਨਹੀਂ ਹੋਣਗੇ।

ਪੰਜਾਬੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਫੈਸਲਾ ਕੀਤਾ

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਕਿਹਾ ਕਿ ਉਨ੍ਹਾਂ ਦੀ ਥਾਂ ਕੋਈ ਹੋਰ ਵਿਅਕਤੀ ਹੁੰਦਾ ਤਾਂ ਕੰਪਨੀ ਦੀਆਂ ਤਜਵੀਜ਼ਾਂ ਨਾਲ ਸਹਿਮਤੀ ਪ੍ਰਗਟਾ ਦਿੰਦਾ ਪਰ ਉਨ੍ਹਾਂ ਨੇ ਪੰਜਾਬੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਟੋਲ ਬੰਦ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਅਜਿਹੇ ਟੋਲ ਪਲਾਜ਼ਿਆਂ ਕਾਰਨ ਆਮ ਵਸਤਾਂ ਦੇ ਭਾਅ ਵੱਧ ਰਹੇ ਹਨ ਕਿਉਂਕਿ ਹਰ ਟੋਲ ਪਾਰ ਕਰਨ ਤੋਂ ਬਾਅਦ ਇਨ੍ਹਾਂ ਦੇ ਟਰਾਂਸਪੋਰਟ ਦੇ ਖਰਚੇ ਵੱਧ ਜਾਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਟੋਲ ਪਲਾਜ਼ਾ ਮਾਲਕ ਆਪਣੀ ਮਨਮਰਜ਼ੀ ਨਾਲ ਰੇਟ ਵਧਾ ਦਿੰਦੇ ਹਨ ਜਿਸ ਨਾਲ ਆਮ ਆਦਮੀ ਦੀ ਜੇਬ ‘ਤੇ ਭਾਰੀ ਬੋਝ ਪੈਂਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ, ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਜਮੀਰ ਉਲ ਰਹਿਮਾਨ, ਸੀਨੀਅਰ ਆਪ ਆਗੂ ਗੁਰਮੇਲ ਸਿੰਘ ਘਰਾਚੋਂ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ‘ਤੇ ‘ਆਪ’ ਦਾ ਫਰਜ਼ੀ ਲੈਟਰਹੈੱਡ ਫੈਲਾਉਣ ਦੇ ਦੋਸ਼ ‘ਚ ਕਾਂਗਰਸੀ ਆਗੂ ਤੇ ਕੇਸ

ਸਾਡੇ ਨਾਲ ਜੁੜੋ :  Twitter Facebook youtube

SHARE