India News (ਇੰਡੀਆ ਨਿਊਜ਼), Use Of ground For sports, ਚੰਡੀਗੜ੍ਹ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਇਕ ਪਾਸੇ ਜਿੱਥੇ ਮੰਡੀ ਬੋਰਡ ਅਧੀਨ ਆਉਂਦੀਆਂ ਅਨਾਜ ਮੰਡੀਆਂ, ਫ਼ਲ ਤੇ ਸਬਜ਼ੀ ਮੰਡੀਆਂ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਲਈ ਜ਼ੋਰ-ਸ਼ੋਰ ਨਾਲ ਕੰਮ ਕੀਤਾ ਜਾ ਰਿਹਾ ਹੈ, ਉੱਥੇ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵੀ ਆਪਣਾ ਧਿਆਨ ਕੇਂਦਰਿਤ ਕਰ ਲਿਆ ਹੈ।
ਇਸ ਦੇ ਲਈ ਹਰਚੰਦ ਸਿੰਘ ਬਰਸਟ ਵੱਲੋਂ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੱਤਰ ਲਿਖ ਕੇ ਪੇਸ਼ਕਸ਼ ਕੀਤੀ ਗਈ ਕਿ ਉਹ ਆਫ ਸੀਜ਼ਨ ਵਿੱਚ ਖਿਡਾਰੀਆਂ ਨੂੰ ਅਭਿਆਸ ਲਈ ਪੰਜਾਬ ਦੀਆਂ ਮੰਡੀਆਂ ਦੀ ਵਰਤੋਂ ਕਰ ਸਕਦੇ ਹਨ।
ਬੱਚਿਆਂ ਦੀ ਟ੍ਰੇਨਿੰਗ ਵਾਸਤੇ ਬਹੁਤ ਹੀ ਲਾਹੇਵੰਦ
ਇਸਦੇ ਮੱਦੇਨਜ਼ਰ ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਜਿਲਾ ਮੰਡੀ ਅਫਸਰ ਬਠਿੰਡਾ ਵਲੋਂ ਪਹਿਲ ਕਰਦੇ ਹੋਏ ਮਾਰਕੀਟ ਕਮੇਟੀ ਰਾਮਪੁਰਾ ਫੂਲ ਮੰਡੀ ਦੀ ਫੜ ਉੱਪਰ ਛੋਟੇ ਬੱਚਿਆਂ ਲਈ ਸਕੇਟਿੰਗ ਗੇਮ ਦੀ ਸਿਖਲਾਈ ਸੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਮਾਰਕੀਟ ਕਮੇਟੀ ਰਾਮਪੁਰਾ ਫੂਲ ਮੰਡੀ ਦੇ ਫੜ ਉੱਪਰ 10-15 ਬੱਚਿਆਂ ਨੂੰ ਸਕੇਟਿੰਗ ਦੀ ਸਖਲਾਈ ਦਿੱਤੀ ਜਾ ਰਹੀ ਹੈ ਅਤੇ ਇਹ ਸਥਾਨ ਬੱਚਿਆਂ ਦੀ ਟ੍ਰੇਨਿੰਗ ਵਾਸਤੇ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰਜ਼ ਤੇ ਬਠਿੰਡਾ ਮੰਡੀ ਅਤੇ ਭੁੱਚੋ ਮੰਡੀ ਵਿਖੇ ਵੀ ਸਕੇਟਿੰਗ ਅਤੇ ਤੀਰ ਅੰਦਾਜੀ ਦੀ ਸਿਖਲਾਈ ਸੁਰੂ ਕਰਨ ਲਈ ਵੱਖ-ਵੱਖ ਕੋਚਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਕਵਰ ਸ਼ੈੱਡਾ ਨੂੰ ਆਫ ਸੀਜ਼ਨ ਵਿੱਚ ਇਨਡੋਰ ਖੇਡਾਂ ਲਈ
ਚੇਅਰਮੈਨ ਨੇ ਦੱਸਿਆ ਕਿ ਪੰਜਾਬ ਦੀਆਂ ਕਈ ਮੰਡੀਆਂ ਵਿੱਚ ਵੱਡੇ-ਵੱਡੇ ਕਵਰ ਸ਼ੈੱਡ ਬਣਾਏ ਗਏ ਹਨ। ਇਹ ਕਵਰ ਸ਼ੈੱਡ ਜ਼ਿਆਦਾਤਰ ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਹੀ ਵਰਤੋ ਵਿੱਚ ਆਉਂਦੇ ਹਨ ਅਤੇ ਸੀਜ਼ਨ ਤੋਂ ਬਾਅਦ ਖਾਲੀ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਿਕਾਸ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਕਵਰ ਸ਼ੈੱਡਾ ਨੂੰ ਆਫ ਸੀਜ਼ਨ ਵਿੱਚ ਇਨਡੋਰ ਖੇਡਾਂ ਲਈ ਵਰਤਿਆ ਜਾ ਸਕਦਾ ਹੈ, ਤਾਂ ਜੋ ਬੱਚੇ ਮੀਂਹ, ਧੁੱਪ ਅਤੇ ਸਰਦੀ ਵਿੱਚ ਵੀ ਆਪਣਾ ਅਭਿਆਸ ਜਾਰੀ ਰੱਖ ਕੇ ਪੰਜਾਬ ਅਤੇ ਦੇਸ਼ ਦਾ ਨਾ ਰੌਸ਼ਨ ਕਰ ਸਕਣ। ਇਸੇ ਨੂੰ ਮੁੱਖ ਰੱਖਦੀਆਂ ਹੋਇਆਂ ਰਾਮਪੁਰਾ ਫੂਲ ਮੰਡੀ ਵਿਖੇ ਬੱਚਿਆਂ ਨੂੰ ਸਕੇਟਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਪੰਜਾਬ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਖੇਡਾਂ ਸਭ ਤੋਂ ਕਾਰਗਰ
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਨੌਜਵਾਨ ਪੰਜਾਬ ਅਤੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਖੇਡਾਂ ਤੋਂ ਵਧੀਆ ਹੋਰ ਕੋਈ ਰਾਹ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਜੋ ਨਾਅਰਾ ਦਿੱਤਾ ਗਿਆ ਹੈ, ਉਸ ਵਿੱਚ ਪੰਜਾਬ ਮੰਡੀ ਬੋਰਡ ਵੀ ਆਪਣਾ ਪੂਰਾ ਸਹਿਯੋਗ ਦੇਵੇਗਾ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕਰੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਖੇਡਾਂ ਸਭ ਤੋਂ ਕਾਰਗਰ ਹਥਿਆਰ ਸਾਬਤ ਹੋ ਸਕਦੀਆਂ ਹਨ ਅਤੇ ਇਸੇ ਲਈ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜ਼ੋਰਦਾਰ ਕਦਮ ਚੁੱਕ ਰਹੀ ਹੈ।