Vigilance Caught Taking Bribe : ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਿਆਂ ਕਾਬੂ ਕੀਤੇ ਮਿਲਕ ਪਲਾਂਟ ਦੇ ਮੈਨੇਜਰ ਕੋਲੋਂ ਨਕਦੀ, ਗਹਿਣੇ, ਜਾਇਦਾਦ ਦੇ ਦਸਤਾਵੇਜ਼ ਬਰਾਮਦ

0
129
Vigilance Caught Taking Bribe

India News (ਇੰਡੀਆ ਨਿਊਜ਼), Vigilance Caught Taking Bribe, ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਮਿਲਕ ਪਲਾਂਟ ਮੋਹਾਲੀ ਵਿਖੇ ਤਾਇਨਾਤ ਮੈਨੇਜਰ (ਦੁੱਧ ਇਕੱਤਰਨ) ਮਨੋਜ ਕੁਮਾਰ ਸ੍ਰੀਵਾਸਤਵਾ ਦੇ ਘਰੋਂ ਲੱਖਾਂ ਦੀ ਨਗਦੀ ਸਮੇਤ ਕਈ ਕੀਮਤੀ ਜਾਇਦਾਦਾਂ ਅਤੇ ਮਹਿੰਗਾ ਸਮਾਨ ਬਰਾਮਦ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਮਨੋਜ ਕੁਮਾਰ ਸ੍ਰੀਵਾਸਤਵਾ ਨੂੰ ਮੰਗਲਵਾਰ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਮੋਹਾਲੀ ਦੀ ਅਦਾਲਤ ਨੇ ਅੱਜ ਅਗਲੇਰੀ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਉਕਤ ਮੁਲਜ਼ਮ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਦੇ ਦਿੱਤਾ ਹੈ।

ਨਕਦੀ, ਸੋਨੇ ਦੇ ਗਹਿਣੇ, ਮਹਿੰਗੀਆਂ ਘੜੀਆਂ ਬਰਾਮਦ

ਵਿਜਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਮੈਨੇਜਰ ਮਨੋਜ ਕੁਮਾਰ ਸ੍ਰੀਵਾਸਤਵਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 7 ਲੱਖ ਰੁਪਏ ਨਕਦ, 8 ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦਾ ‘ਕੜਾ’, ਕੁਝ ਗਹਿਣੇ ਅਤੇ 14 ਮਹਿੰਗੀਆਂ ਘੜੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਕ ਘੜੀ, ਜਿਸ ਦੀ ਕੀਮਤ 45,000 ਰੁਪਏ ਹੈ, ਵੀ ਜ਼ਬਤ ਕੀਤੀ ਹੈ ਜੋ ਕਿ ਸ਼ਿਕਾਇਤਕਰਤਾ ਨੇ ਚੰਡੀਗੜ੍ਹ ਦੇ ਬਾਜ਼ਾਰ ਤੋਂ ਖ਼ਰੀਦ ਕੇ ਇਸ ਮੈਨੇਜਰ ਨੂੰ ਦਿੱਤੀ ਸੀ।

ਬੈਂਕ ਨੂੰ ਲਾਕਰ ਫਰੀਜ਼ ਕਰਨ ਲਈ ਕਿਹਾ

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਬੈਂਕ ਨੂੰ ਉਸਦਾ ਲਾਕਰ ਫਰੀਜ਼ ਕਰਨ ਅਤੇ ਹੋਰਨਾਂ ਬੈਂਕਾਂ ਨੂੰ ਉਸਦੇ ਖਾਤਿਆਂ ਦੇ ਸਾਰੇ ਵੇਰਵੇ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸਹਿਕਾਰਤਾ ਵਿਭਾਗ ਦੇ ਉਕਤ ਕਰਮਚਾਰੀ ਨੂੰ ਸੁਖਬੀਰ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਸੀ, ਜੋ ਉਕਤ ਮਿਲਕ ਪਲਾਂਟ ‘ਚ ਇਕ ਨਿੱਜੀ ਫਰਮ ਵੱਲੋਂ ਦੁੱਧ ਇਕੱਠਾ ਕਰਨ ਵਾਲੇ ਟੈਂਕਰਾਂ ਦੀ ਦੇਖ-ਭਾਲ ਕਰਦਾ ਹੈ।

ਵਧੀਆ ਰੂਟ ਅਲਾਟ ਕਰਨ ਬਦਲੇ ਰਿਸ਼ਵਤ

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਵੱਖ-ਵੱਖ ਥਾਵਾਂ ਤੋਂ ਦੁੱਧ ਇਕੱਠਾ ਕਰਨ ਲਈ ਜਾਂਦੇ ਉਸ ਦੇ ਟੈਂਕਰਾਂ ਨੂੰ ਵਧੀਆ ਰੂਟ ਅਲਾਟ ਕਰਨ ਬਦਲੇ ਰਾਜ ਦੇ ਸਹਿਕਾਰਤਾ ਵਿਭਾਗ ਦਾ ਉਕਤ ਮੁਲਾਜ਼ਮ ਉਸ ਤੋਂ 50,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮੈਨੇਜਰ ਇਸ ਕੰਮ ਸਬੰਧੀ ਪਹਿਲਾਂ ਹੀ ਉਸ ਕੋਲ਼ੋਂ 50,000 ਰੁਪਏ ਲੈ ਚੁੱਕਾ ਹੈ।

ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ ਯੂਨਿਟ ਮੋਹਾਲੀ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਦਿਆਂ ਇੱਕ ਜਾਲ ਵਿਛਾਇਆ ਅਤੇ ਦੋਸ਼ੀ ਮੈਨੇਜਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਇਸ ਸਬੰਧੀ ਉਕਤ ਕਰਮਚਾਰੀ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਫਲਾਇੰਗ ਸਕੁਐਡ -1, ਪੰਜਾਬ ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
SHARE