ਸਰਕਾਰੀ ਵਾਲਵੋ ਬੱਸ ਸਰਵਿਸ ਬਣੀ ਲੋਕਾਂ ਦੀ ਪਸੰਦ : ਭੁੱਲਰ

0
193
Volvo bus service from Punjab to Delhi
Volvo bus service from Punjab to Delhi

ਬੱਸ ਸਰਵਿਸ ਸ਼ੁਰੂ ਹੋਣ ਦੇ 25 ਦਿਨਾਂ ਦੇ ਅੰਦਰ ਕਰੀਬ 17,500 ਸਵਾਰੀਆਂ ਨੇ ਦਿੱਲੀ ਹਵਾਈ ਅੱਡੇ ਤੱਕ ਕੀਤਾ ਸਫ਼ਰ

ਕਿਹਾ, ਟਰਾਂਸਪੋਰਟ ਮਾਫ਼ੀਆ ਦੇ ਖ਼ਾਤਮੇ ਲਈ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਚਲਾਈਆਂ ਵਾਲਵੋ ਬੱਸਾਂ

ਇੰਡੀਆ ਨਿਊਜ਼, ਚੰਡੀਗੜ੍ਹ: ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਨਵੀਂ ਵਾਲਵੋ ਬੱਸ ਸੇਵਾ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਹੁਣ ਤੱਕ ਇਸ ਬੱਸ ਸਰਵਿਸ ਦਾ ਲਗਭਗ 17,500 ਸਵਾਰੀਆਂ ਲਾਹਾ ਲੈ ਚੁੱਕੀਆਂ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 15 ਜੂਨ ਨੂੰ ਬੱਸ ਸੇਵਾ ਦਾ ਉਦਘਾਟਨ ਕਰਨ ਦੇ 25 ਦਿਨਾਂ ਦੇ ਅੰਦਰ-ਅੰਦਰ ਪੰਜਾਬ ਤੋਂ ਦਿੱਲੀ ਕੌਮਾਂਤਰੀ ਏਅਰਪੋਰਟ ਦਰਮਿਆਨ ਚੱਲਣ ਵਾਲੀ ਵਾਲਵੋ ਬੱਸ ਸੇਵਾ ਆਮ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋ ਰਹੀ ਹੈ।

20 ਵਾਲਵੋ ਬੱਸਾਂ ਰੋਜ਼ਾਨਾ ਚਲ ਰਹੀਆਂ

ਮੰਤਰੀ ਨੇ ਕਿਹਾ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੀਆਂ 20 ਵਾਲਵੋ ਬੱਸਾਂ ਰੋਜ਼ਾਨਾ ਅੰਮਿ੍ਤਸਰ, ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਪਟਿਆਲਾ, ਨਵਾਂਸ਼ਹਿਰ, ਰੋਪੜ, ਮੋਗਾ ਅਤੇ ਚੰਡੀਗੜ੍ਹ ਤੋਂ ਕੌਮਾਂਤਰੀ ਏਅਰਪੋਰਟ ਨਵੀਂ ਦਿੱਲੀ ਤੱਕ ਚਲ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਕੀਮਤਾਂ ‘ਤੇ ਬਹੁਤ ਥੋੜ੍ਹੇ ਕਿਰਾਏ ‘ਚ ਸਸਤੀ, ਆਰਾਮਦਾਇਕ ਅਤੇ ਆਲੀਸ਼ਾਨ ਯਾਤਰਾ ਦੀ ਸਹੂਲਤ ਦੇ ਰਹੀਆਂ ਇਨ੍ਹਾਂ ਵਾਲਵੋ ਬੱਸਾਂ ਨੇ ਨਿੱਜੀ ਟਰਾਂਸਪੋਰਟਰਾਂ ਦੀ ਅਜਾਰੇਦਾਰੀ ਖ਼ਤਮ ਕਰਨ ਦਾ ਮੁੱਢ ਬੰਨ੍ਹ ਦਿੱਤਾ ਹੈ। ਬੱਸ ਕਾਊਂਟਰਾਂ ‘ਤੇ ਟਿਕਟਾਂ ਦੀ ਬੁਕਿੰਗ ਤੋਂ ਇਲਾਵਾ ਏਅਰਪੋਰਟ ਜਾਣ ਦੇ ਚਾਹਵਾਨ ਯਾਤਰੀ ਆਨਲਾਈਨ ਬੁਕਿੰਗ ਦਾ ਵੀ ਨਿਰੰਤਰ ਲਾਭ ਲੈ ਰਹੇ ਹਨ।

ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਨੂੰ ਪਈ ਨੱਥ

ਟਰਾਂਸਪੋਰਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਵਾਲਵੋ ਬੱਸਾਂ ਦੇ ਚੱਲਣ ਨਾਲ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਦਿਨ-ਬ-ਦਿਨ ਬੀਤੇ ਦੀ ਗੱਲ ਬਣਦਾ ਜਾ ਰਿਹਾ ਹੈ ਕਿਉਂਕਿ ਦਹਾਕਿਆਂ ਤੋਂ ਇਸ ਰੂਟ ‘ਤੇ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਹੀ ਆਪਣੀਆਂ ਬੱਸਾਂ ਚਲਾਈਆਂ ਅਤੇ ਲੋਕਾਂ ਨਾਲ ਧੱਕੇਸ਼ਾਹੀ ਕਰਕੇ ਉਨ੍ਹਾਂ ਦੀ ਲੁੱਟ ਕਰਦੇ ਰਹੇ। ਮੰਤਰੀ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਗੂ ਆਪਣੇ ਸੌੜੇ ਹਿੱਤਾਂ ਕਰਕੇ ਸਰਕਾਰੀ ਬੱਸਾਂ ਨੂੰ ਹਵਾਈ ਅੱਡੇ ਤੱਕ ਚਲਾਉਣ ਤੋਂ ਰੋਕਦੇ ਰਹੇ।

ਇਹ ਵੀ ਪੜੋ : ਬੁੱਢੇ ਨਾਲੇ ਦੀ ਹਾਲਤ ਦੇਖਣ ਪਹੁੰਚੇ ਸੰਤ ਸੀਚੇਵਾਲ

ਇਹ ਵੀ ਪੜੋ : ਅਕਾਲੀ ਦਲ ਨੇ ਚੰਡੀਗੜ੍ਹ ‘ਤੇ ਪੰਜਾਬ ਦਾ ਦਾਅਵਾ ਕਮਜ਼ੋਰ ਕੀਤਾ: ਭਗਵੰਤ ਮਾਨ

ਸਾਡੇ ਨਾਲ ਜੁੜੋ : Twitter Facebook youtube

 

SHARE