India News (ਇੰਡੀਆ ਨਿਊਜ਼), Votes Of SGPC, ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਹੀ ਹੋਣ ਜਾ ਰਹੀਆਂ ਹਨ। ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਰਕਾਰ ਨੇ ਵੋਟਾਂ ਬਣਾਉਣ ਲਈ 15 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਪਰ ਬਹੁਤ ਘੱਟ ਸਮੇਂ ਵਿੱਚ ਵੋਟਾਂ ਬਣਾਉਣਾ ਇੱਕ ਵੱਡੀ ਚੁਣੌਤੀ ਹੈ। ਭਾਈ ਹਰਪ੍ਰੀਤ ਸਿੰਘ (ਸਿੰਪੂ) ਅਮਲਾਲਾ ਨੇ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦਾ ਸਮਾਂ 15 ਨਵੰਬਰ ਤੋਂ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਿਜਾਈ ਦਾ ਸੀਜ਼ਨ ਹੈ ਅਤੇ ਤਿਹਾਰਾਂ ਦੇ ਦਿਨ ਚੱਲ ਰਹੇ ਹਨ, ਜਿਸ ਕਾਰਨ ਲੋਕ ਆਪਣੀ ਵੋਟ ਬਣਾਉਣ ਵਿੱਚ ਪਛੜ ਰਹੇ ਹਨ। ਭਾਈ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਵੋਟਾਂ ਦੀ ਪ੍ਰਕਿਰਿਆ ਨੂੰ ਬਹੁਤ ਗੁੰਝਲਦਾਰ ਬਣਾ ਦਿੱਤਾ ਗਿਆ ਹੈ, ਜਿਸ ਕਾਰਨ ਵੋਟਰਾਂ ਦਾ ਉਤਸ਼ਾਹ ਘੱਟ ਰਿਹਾ ਹੈ।
ਘਰ-ਘਰ ਜਾ ਕੇ ਵੋਟਾਂ ਬਣਾਈਆਂ ਜਾਣ
ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਅਮਲ ਹੋਰ ਵੋਟਾਂ ਬਣਾਉਣ ਵਾਂਗ ਹੀ ਹੋਣਾ ਚਾਹੀਦਾ ਹੈ। ਜਿਸ ਵਿੱਚ ਸਰਕਾਰੀ ਅਧਿਕਾਰੀ ਘਰ-ਘਰ ਜਾ ਕੇ ਵੋਟਾਂ ਬਣਾਉਣ ਦਾ ਕੰਮ ਕਰਦੇ ਹਨ।
ਵੋਟਰਾਂ ‘ਤੇ ਬੇਲੋੜਾ ਬੋਝ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਵੋਟਰਾਂ ’ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਜਦੋਂ ਫਾਰਮ ਵਿੱਚ ਆਧਾਰ ਕਾਰਡ ਨੰਬਰ ਲਿਖਿਆ ਹੋਇਆ ਹੈ ਤਾਂ ਫੋਟੋ ਕਾਪੀ ਨੱਥੀ ਕਰਨ ਦੀ ਕੋਈ ਤੁਕ ਨਹੀਂ ਬਣਦੀ ਅਤੇ ਦੋ ਫੋਟੋਆਂ ਨੱਥੀ ਕਰਨ ਦਾ ਵਾਧੂ ਬੋਝ ਵੋਟਰਾਂ ’ਤੇ ਪਾਇਆ ਜਾ ਰਿਹਾ ਹੈ, ਜਦੋਂਕਿ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਕੁਲਵਿੰਦਰ ਸਿੰਘ ਅਮਲਾਲਾ, ਮੰਗਾ ਸਿੰਘ, ਭਾਗ ਸਿੰਘ, ਜੁਝਾਰ ਸਿੰਘ, ਜਗਜੀਤ ਸਿੰਘ ਕਰਾਲਾ ਅਤੇ ਸੁਮਿੰਦਰ ਸਿੰਘ ਕਕਰਾਲੀ ਹਾਜ਼ਰ ਸਨ।
ਇਹ ਵੀ ਪੜ੍ਹੋ ……..