India News (ਇੰਡੀਆ ਨਿਊਜ਼), Women’s Marathon, ਚੰਡੀਗੜ੍ਹ : ਮੋਹਾਲੀ ਪ੍ਰਸ਼ਾਸਨ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਸ਼ਾਮਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਹਨਾਂ ਯਤਨਾਂ ਨੂੰ ਅੱਜ ਉਸ ਸਮੇਂ ਫਲ ਮਿਲਿਆ ਜਦੋਂ 400 ਦੇ ਕਰੀਬ ਮਹਿਲਾ ਵੋਟਰਾਂ ਨੇ ਸਪੋਰਟਸ ਕੰਪਲੈਕਸ, ਮੋਹਾਲੀ ਤੋਂ ਸ਼ੁਰੂ ਹੋਣ ਵਾਲੀ ਮਹਿਲਾ ਮੈਰਾਥਨ ਲਈ ਭਾਗ ਲਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਘੱਟੋ-ਘੱਟ 80 ਫੀਸਦੀ ਵੋਟਿੰਗ ਦਾ ਮੁੱਢਲਾ ਟੀਚਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ, “ਸਾਡੇ ਕੋਲ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਕੁੱਲ 7,93,465 ਵੋਟਰ ਹਨ, ਜਿਨ੍ਹਾਂ ਵਿੱਚੋਂ ਮਰਦਾਂ ਦਾ ਯੋਗਦਾਨ 4,16,704, ਔਰਤਾਂ 3,77,625 ਅਤੇ ਟਰਾਂਸ-ਜੈਂਡਰ 36 ਹਨ।” ਉਨ੍ਹਾਂ ਅੱਗੇ ਕਿਹਾ ਕਿ ਔਰਤ ਵੋਟਰਾਂ ਦੇ ਮਤਦਾਨ ਦੀ ਵੱਡੀ ਗਿਣਤੀ ਹੋ ਸਕਦੀ ਹੈ, ਜੇਕਰ ਉਹਨਾਂ ਨੂੰ ਲਾਮਬੰਦ ਕਰਕੇ ਪ੍ਰੇਰਿਤ ਕੀਤਾ ਜਾਵੇ।
ਲੋਕਤੰਤਰ ਨੂੰ ਮਜ਼ਬੂਤ ਕਰਨ ਲਈ
ਅੱਜ ਦਾ ਸਮਾਗਮ, ਮਹਿਲਾ ਮੈਰਾਥਨ, ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟਰਜ਼ ਪਾਰਟੀਸੀਪੇਸ਼ਨ) ਦੇ ਤਹਿਤ ਨਿਰਧਾਰਤ ਗਤੀਵਿਧੀਆਂ ਦਾ ਹਿੱਸਾ ਸੀ। ਉਨ੍ਹਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਜਿਸ ਨਾਲ ਦੂਜੀਆਂ ਔਰਤਾਂ ਨੂੰ ਸੰਦੇਸ਼ ਦਿੱਤਾ ਜਾ ਸਕੇ, ਜੋ ਅੱਜ ਮੈਰਾਥਨ ਦਾ ਹਿੱਸਾ ਨਹੀਂ ਸਨ। ਤਾਂ ਜੋ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ 01 ਜੂਨ, 2024 ਨੂੰ ਪੋਲਿੰਗ ਬੂਥਾਂ ‘ਤੇ ਪਹੁੰਚ ਕੇ ਆਪਣਾ ਵੋਟ ਪਾ ਸਕਣ।
ਮੈਰਾਥਨ ਨੂੰ ਮਹਿਲਾ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ
ਇਸ ਮੈਰਾਥਨ ਨੂੰ ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ ਅਤੇ ਐਸ.ਡੀ.ਐਮ ਮੁਹਾਲੀ-ਕਮ-ਏਆਰਓ ਆਨੰਦਪੁਰ ਸਾਹਿਬ ਦੀਪਾਂਕਰ ਗਰਗ ਦੀ ਮੌਜੂਦਗੀ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁਹਾਲੀ ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਮੈਰਾਥਨ ਨੂੰ ਮਹਿਲਾ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮਰਦ ਮੈਂਬਰਾਂ ਵਾਂਗ ਪਰਿਵਾਰ ਦੀਆਂ ਔਰਤਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੋਟ ਪਾਉਣ। ਕਿਉਂਕਿ ਈ ਵੀ ਐਮ ਦਾ ਬਟਨ ਦਬਾਉਣ ਦੀ ਚੋਣ ਬਤੌਰ ਮਤਦਾਤਾ ਉਨ੍ਹਾਂ ਕੋਲ ਹੁੰਦੀ ਹੈ। ਮਹਿਲਾ ਵੋਟਰਾਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੋਲਿੰਗ ਬੂਥਾਂ ‘ਤੇ ਜਾ ਕੇ ਆਪਣੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦੇ ਤਾਂ ਸਾਨੂੰ ਬਾਅਦ ਵਿੱਚ ਸ਼ਿਕਾਇਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਫਿਲਮਾਂ ਦੀਆਂ ਟਿਕਟਾਂ ਦਿੱਤੀਆਂ ਜਾਣਗੀਆਂ
ਐਸ ਡੀ ਐਮ ਦੀਪਾਂਕਰ ਗਰਗ ਨੇ ਕਿਹਾ ਕਿ ਅੱਜ ਦੀ ਮੈਰਾਥਨ ਦੇ 100 ਪਹਿਲੇ ਜੇਤੂਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਫਿਲਮਾਂ ਦੀਆਂ ਟਿਕਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਡੀ ਸੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਆਗਾਮੀ ਲੋਕ ਸਭਾ ਚੋਣਾਂ 2024 ਵਿੱਚ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਸਾਰੇ ਵੋਟਰਾਂ ਨੂੰ ਸਰਗਰਮੀ ਨਾਲ ਜਾਗਰੂਕ ਕਰ ਰਹੀ ਹੈ।
ਰਿਫਰੈਸ਼ਮੈਂਟ ਦਾ ਪ੍ਰਬੰਧ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਨੇ ਲੋਕਤੰਤਰ ਦੇ ਤਿਉਹਾਰ ਮੌਕੇ ਵੋਟਾਂ ਨਾਲ ਸਬੰਧਤ ਵਿਸ਼ੇਸ਼ ਬੋਲੀਆਂ ਰਾਹੀਂ ਲੋਕ ਨਾਚ ਗਿੱਧਾ ਪੇਸ਼ ਕੀਤਾ। ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਖੇਤਰੀ ਮੈਨੇਜਰ ਰੋਹਿਤ ਕੱਕੜ ਅਤੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ ਕੇ ਭਾਰਦਵਾਜ ਦੀ ਅਗਵਾਈ ਵਿੱਚ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ।
ਇਹ ਵੀ ਪੜ੍ਹੋ :Foundation Day of St. Joseph’s School : ਸੇਂਟ ਜੋਸਫ਼ ਸਕੂਲ ਮਨੌਲੀ ਸੂਰਤ ਨੇ ਆਪਣਾ 34ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ