India News (ਇੰਡੀਆ ਨਿਊਜ਼), Zirakpur Crime News, ਚੰਡੀਗੜ੍ਹ : ਜ਼ੀਰਕਪੁਰ ਖੇਤਰ ਚ ਪੈਂਦੇ ਬਲਟਾਣਾ ਦੇ ਸ਼ਿਵ ਐਨਕਲੇਵ ਵਿੱਚ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿੱਚ ਦੇਰ ਰਾਤ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਸ਼ਿਵਲਿੰਗ ‘ਚੋਂ ਚਾਂਦੀ ਦਾ ਸ਼ੇਸ਼ਨਾਗ ਅਤੇ ਚਾਂਦੀ ਦਾ ਗੋਲਾ ਚੋਰੀ ਕਰ ਲਿਆ।
ਚੋਰਾਂ ਦੀਆਂ ਇਹ ਸਾਰੀਆਂ ਕਾਰਵਾਈਆਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈਆਂ। ਚੋਰ ਇੱਕ ਸਫੇਦ ਰੰਗ ਦੀ ਗੱਡੀ ਵਿੱਚ ਟੈਕਸੀ ਨੰਬਰ ਲਗਾ ਕੇ ਆਏ ਸਨ, ਜੋ ਕਿ ਗਿਣਤੀ ਵਿੱਚ 4 ਤੋਂ 5 ਦੇ ਕਰੀਬ ਜਾਪਦੇ ਹਨ। ਅਣਪਛਾਤੇ ਚੋਰਾਂ ਨੇ ਰਾਤ ਕਰੀਬ 1:30 ਤੋਂ 2 ਵਜੇ ਦੇ ਕਰੀਬ ਇਸ ਚੋਰੀ ਨੂੰ ਅੰਜਾਮ ਦਿੱਤਾ। ਪ੍ਰਾਚੀਨ ਸ਼ਿਵ ਮੰਦਰ ਦੇ ਮੁਖੀ ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ ਤਿੰਨ ਕਿੱਲੋ ਦੀ ਚਾਂਦੀ ਚੋਰੀ ਹੋ ਗਈ।
ਘਟਨਾ ਨੂੰ ਬੇਅਦਬੀ ਦਾ ਮਾਮਲਾ ਦੱਸਿਆ
ਉਸ ਨੇ ਦੱਸਿਆ ਕਿ ਚੋਰ ਮੰਦਰ ਦੇ ਸਾਈਡ ਵਾਲੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ। ਉਨ੍ਹਾਂ ਕਿਹਾ ਕਿ ਨੰਦੀ ਮਹਾਰਾਜ ਦਾ ਇੱਕ ਕੰਨ ਚੋਰਾਂ ਵੱਲੋਂ ਤੋੜ ਦਿੱਤਾ ਗਿਆ ਅਤੇ ਇਹ ਵੀ ਪੂਰੀ ਤਰ੍ਹਾਂ ਬੇਅਦਬੀ ਹੈ। ਨਗਰ ਕੌਂਸਲ ਜ਼ੀਰਕਪੁਰ ਦੇ ਸਾਬਕਾ ਪ੍ਰਧਾਨ ਅਤੇ ਪ੍ਰਾਚੀਨ ਸ਼ਿਵ ਮੰਦਰ ਬਲਟਾਣਾ ਦੇ ਵਾਈਸ ਚੇਅਰਮੈਨ ਕੁਲਵਿੰਦਰ ਸੋਹੀ ਨੇ ਵੀ ਇਸ ਘਟਨਾ ਨੂੰ ਬੇਅਦਬੀ ਦਾ ਮਾਮਲਾ ਦੱਸਦਿਆਂ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਅਤੇ ਚੋਰੀ ਦੀ ਇਸ ਘਟਨਾ ’ਤੇ ਗੁੱਸਾ ਜ਼ਾਹਰ ਕਰਦਿਆਂ ਸਥਾਨਕ ਪੁਲੀਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ।
ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਭਾਲ
ਵਾਰਡ ਨੰਬਰ 5 ਦੀ ਸਾਬਕਾ ਕੌਂਸਲਰ ਮਨੀਸ਼ਾ ਮਲਿਕ ਨੇ ਵੀ ਮੰਦਰ ’ਚ ਚੋਰੀ ਦੀ ਘਟਨਾ ’ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਚੋਰ ਹੁਣ ਮੰਦਰ ਵਰਗੇ ਧਾਰਮਿਕ ਸਥਾਨ ਨੂੰ ਵੀ ਨਹੀਂ ਛੱਡਦੇ। ਉਨ੍ਹਾਂ ਕਿਹਾ ਕਿ ਇਹ ਬੇਅਦਬੀ ਇਸ ਲਈ ਵੀ ਹੋਈ ਹੈ ਕਿਉਂਕਿ ਚੋਰਾਂ ਨੇ ਨੰਦੀ ਮਹਾਰਾਜ ਦਾ ਇਕ ਕੰਨ ਤੋੜ ਦਿੱਤਾ ਹੈ, ਜਿਸ ਕਾਰਨ ਮੂਰਤੀ ਟੁੱਟ ਗਈ ਹੈ।
ਮਨੀਸ਼ਾ ਮਲਿਕ ਨੇ ਸਥਾਨਕ ਪੁਲਸ ਨੂੰ ਅਪੀਲ ਕਰਦਿਆਂ ਕਿਹਾ ਕਿ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਭਾਲ ਕੀਤੀ ਜਾਵੇ। ਸੂਚਨਾ ਮਿਲਣ ਤੋਂ ਬਾਅਦ ਚੋਰੀ ਦੀ ਘਟਨਾ ਸਬੰਧੀ ਬਲਟਾਣਾ ਪੁਲਿਸ ਚੌਕੀ ਦੇ ਇੰਚਾਰਜ ਅਜੇ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਮੰਦਰ ਦੇ ਪੁਜਾਰੀ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਟੈਕਸੀ ਨੰਬਰ ਦੀ ਗੱਡੀ ਦਿਖਾਈ ਦੇ ਰਹੀ ਹੈ। ਪੁਲਿਸ ਜਲਦੀ ਹੀ ਚੋਰਾਂ ਨੂੰ ਫੜ ਲਵੇਗੀ।