Kartarpur Corridor ਮੁੱਖ ਮੰਤਰੀ ਦੀ ਅਗਵਾਈ ਵਿਚ ਜਥਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ

0
668

 Kartarpur Corridor ਦੋਵਾਂ ਪਾਸਿਆਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਸਦਭਾਵਨਾ ਲਈ ਅਰਦਾਸ ਕਰਾਂਗਾ : ਮੁੱਖ ਮੰਤਰੀ

ਜਥੇ ਵਿਚ ਮਨਪ੍ਰੀਤ ਬਾਦਲ, ਵਿਜੇ ਇੰਦਰ ਸਿੰਗਲਾ, ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਵੀ ਸ਼ਾਮਲ

ਇੰਡੀਆ ਨਿਊਜ਼, ਡੇਰਾ ਬਾਬਾ ਨਾਨਕ: 

Kartarpur Corridor ਖੁੱਲ੍ਹਣ ਉਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਕੈਬਨਿਟ ਮੰਤਰੀਆਂ ਅਤੇ ਹੋਰ ਪਤਵੰਤਿਆਂ ਦਾ ਜਥਾ ਅੱਜ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਮੁੱਖ ਮੰਤਰੀ ਜਿਨ੍ਹਾਂ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਬਰਿੰਦਰਮੀਤ ਸਿੰਘ ਪਾਹੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ, ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉਤੇ ਪਾਕਿਸਤਾਨ ਸਥਿਤ ਨਾਰੋਵਾਲ ਵਿਖੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਦੁਪਹਿਰ ਇਕ ਵਜੇ ਸਰਹੱਦ ਪਾਰ ਕੀਤੀ।

Kartarpur Corridor ਸ਼ਰਧਾਲੂਆਂ ਨੂੰ ਸਹੂਲਤ ਪ੍ਰਦਾਨ ਕਰਦਾ ਹੈ

ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹ ਜਾਣ ਨੂੰ ਇਤਿਹਾਸਕ ਪਲ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਬਹੁਤ ਖੁਸ਼ਨੁਮਾ ਮੌਕਾ ਹੈ ਕਿਉਂ ਜੋ ਇਹ ਲਾਂਘਾ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸਹੂਲਤ ਪ੍ਰਦਾਨ ਕਰਦਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਨਾਲ ਸਿੱਖ ਸੰਗਤ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ ਅਤੇ ਹੁਣ ਉਹ ਬਿਨਾ ਕਿਸੇ ਰੁਕਾਵਟ ਤੋਂ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲਾਂਘਾ ਮੁੜ ਖੁੱਲ੍ਹਣ ਨਾਲ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਮਹਿਜ਼ ਪਰਮਿਟ ਹਾਸਲ ਕਰਨ ਨਾਲ ਵੀਜ਼ਾ-ਮੁਕਤ ਜਾਣ ਦੀ ਸਹੂਲਤ ਮਿਲੇਗੀ।

Kartarpur Corridor ਸਦਭਾਵਨਾ ਲਈ ਅਰਦਾਸ ਕਰਾਂਗਾ : ਮੁੱਖ ਮੰਤਰੀ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਉਨ੍ਹਾਂ ਨੂੰ ਜਥੇ ਦੇ ਰੂਪ ਵਿਚ ਜਾ ਰਹੀ ਸੰਗਤ ਦਾ ਹਿੱਸਾ ਬਣਨ ਦਾ ਸੁਭਾਗ ਹਾਸਲ ਹੋਇਆ ਹੈ ਕਿਉਂ ਜੋ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਕਰਨ ਦੀ ਮੰਗ ਸੱਤ ਦਹਾਕਿਆਂ ਦੇ ਲੰਮੇ ਸਮੇਂ ਬਾਅਦ ਪੂਰੀ ਹੋਈ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦੋਵਾਂ ਪਾਸਿਆਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਸਦਭਾਵਨਾ ਲਈ ਅਰਦਾਸ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਹਲੀਮੀ, ਏਕਤਾ, ਸ਼ਾਂਤੀ ਅਤੇ ਭਲਾਈ ਦਾ ਮਾਰਗ ਦਿਖਾਇਆ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਲਾਂਘਾ ਸਾਡੇ ਗੁਰੂ ਸਾਹਿਬ ਜੀ ਦੇ ਮਹਾਨ ਫਲਸਫੇ ਨੂੰ ਅਮਲੀਜਾਮਾ ਪਹਿਨਾਉਣ ਲਈ ਅਹਿਮ ਸਾਬਤ ਹੋਵੇਗਾ।

SHARE