India News (ਇੰਡੀਆ ਨਿਊਜ਼), SDM Derabassi, ਚੰਡੀਗੜ੍ਹ : ਡੇਰਾਬੱਸੀ ਦੇ ਉਪ ਮੰਡਲ ਮੈਜਿਸਟਰੇਟ ਹਿਮਾਂਸ਼ੂ ਗੁਪਤਾ ਨੇ ਸਮਗੌਲੀ ਖੇਤਰ ਵਿੱਚ ਸ਼ਰਾਬ ਫੈਕਟਰੀਆਂ ਦੇ ਗਿੱਲੇ ਕੂੜੇ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲ ਸਬੰਧੀ ਖ਼ਬਰਾਂ ਦਾ ਗੰਭੀਰ ਨੋਟਿਸ ਲਿਆ ਹੈ। ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 133 (1) (ਬੀ) ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਥਾਨਕ ਅਧਿਕਾਰੀਆਂ ਨੂੰ 26 ਦਸੰਬਰ, 2023 ਤੱਕ ਜਵਾਬ ਅਤੇ ਕੀਤੀ ਕਾਰਵਾਈ ਦੀ ਰਿਪੋਰਟ ਸੌਂਪਣ ਲਈ ਨੋਟਿਸ ਜਾਰੀ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਸ਼ਰਾਬ ਅਤੇ ਬੀਅਰ ਫੈਕਟਰੀਆਂ ਦਾ ਗਿੱਲਾ ਕੂੜਾ ਵੱਡੇ ਵਾਹਨਾਂ ਵਿੱਚ ਲੱਦ ਕੇ ਪਿੰਡ ਸਮਗੋਲੀ ਨੇੜੇ ਸੜਕਾਂ ਅਤੇ ਖੇਤਾਂ ਵਿੱਚ ਸੁਕਾਉਣ ਲਈ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਮੱਖੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਰਹਿਣਾ ਅਤੇ ਗੰਦੇ ਵਾਤਾਵਰਣ ਵਿੱਚ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ।
ਸ਼ਰਾਬ ਫੈਕਟਰੀਆਂ ਦਾ ਗਿੱਲਾ ਕੂੜਾ ਡੰਪ
ਇਸ ਤੋਂ ਇਲਾਵਾ ਨੇੜੇ ਦੋ ਸਰਕਾਰੀ ਸਕੂਲ ਵੀ ਹਨ ਜਿੱਥੇ ਇਨ੍ਹਾਂ ਸ਼ਰਾਬ ਫੈਕਟਰੀਆਂ ਦਾ ਗਿੱਲਾ ਕੂੜਾ ਡੰਪ ਕੀਤਾ ਜਾਂਦਾ ਹੈ। ਇਸ ਨਾਲ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਿਹਤ ’ਤੇ ਵੀ ਮਾੜਾ ਅਸਰ ਪਵੇਗਾ। ਇਸ ਲਈ ਇਸ ਨੋਟਿਸ ਰਾਹੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਾਇਕ ਵਾਤਾਵਰਨ ਇੰਜੀਨੀਅਰ, ਮੋਹਾਲੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਪ੍ਰਦੂਸ਼ਣ ਦੀ ਰੋਕਥਾਮ ਲਈ ਢੁਕਵੀਂ ਕਾਰਵਾਈ ਕਰਦੇ ਹੋਏ 26 ਦਸੰਬਰ ਨੂੰ ਉਨ੍ਹਾਂ ਦੇ ਦਫ਼ਤਰ ਨਿੱਜੀ ਤੌਰ ‘ਤੇ ਆਪਣਾ ਜਵਾਬ ਪੇਸ਼ ਕਰਨ।
ਕਾਰਜਕਾਰੀ ਇੰਜਨੀਅਰ ਪੰਜਾਬ ਮੰਡੀ ਬੋਰਡ
ਇੱਕ ਹੋਰ ਮਾਮਲੇ ਵਿੱਚ ਤਿਸੰਬਲੀ-ਰਾਣੀਮਾਜਰਾ ਸੜਕ ਟੁੱਟੀ ਹੋਣ ਕਾਰਨ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਬੰਧੀ ਕਾਰਜਕਾਰੀ ਇੰਜਨੀਅਰ ਪੰਜਾਬ ਮੰਡੀ ਬੋਰਡ ਦਫ਼ਤਰ ਪੰਜਾਬ ਮੰਡੀ ਭਵਨ, ਐਸ.ਏ.ਐਸ.ਨਗਰ ਨੂੰ ਫੌਜਦਾਰੀ ਜ਼ਾਬਤੇ ਦੀ ਧਾਰਾ 133 (1) (ਬੀ) ਤਹਿਤ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਸੜਕ ਨੂੰ ਵਾਹਨਾਂ ਦੇ ਚੱਲਣਯੋਗ ਅਤੇ ਰਾਹਗੀਰਾਂ ਲਈ ਸੁਰੱਖਿਅਤ ਬਣਾਉਣ ਲਈ ਕਾਰਵਾਈ ਕਰਕੇ ਉਨ੍ਹਾਂ ਦੇ ਦਫ਼ਤਰ ਨੂੰ ਰਿਪੋਰਟ ਸੌਂਪਣ। ਉਨ੍ਹਾਂ ਅੱਗੇ ਦੱਸਿਆ ਕਿ ਨੋਟਿਸ ਬਾਅਦ ਮੰਡੀ ਬੋਰਡ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਲੇ ਕੁਝ ਦਿਨਾਂ ਤੱਕ ਸੜਕ ਨੂੰ ਵਾਹਨਾਂ ਦੇ ਚੱਲਣ ਯੋਗ ਬਣਾ ਦਿੱਤਾ ਜਾਵੇਗਾ।