ਵਿਧਾਨ ਸਭਾ ‘ਚ ਵਿੱਤ ਮੰਤਰੀ ਹਰਪਾਲ ਚੀਮਾ ਦਾ ਦਾਅਵਾ
ਤਿੰਨ ਮਹੀਨਿਆਂ ‘ਚ ਲਿਆ 8 ਹਜ਼ਾਰ ਕਰੋੜ ਦਾ ਕਰਜ਼ਾ, 10 ਹਜ਼ਾਰ ਕਰੋੜ ਤੋਂ ਵੱਧ ਵਾਪਸ ਕੀਤੇ
ਚੰਡੀਗੜ੍ਹ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਸਾਬਕਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਵਿੱਤੀ ਹਾਲਤ ਠੀਕ ਨਹੀਂ ਸੀ। ਪੰਜਾਬ ਤਿੰਨ ਵਾਰ ਓਵਰ ਡਰਾਫਟ ਵਿੱਚ ਗਿਆ।
ਪਿਛਲੇ ਤਿੰਨ ਮਹੀਨਿਆਂ ਦੌਰਾਨ ਇੱਕ ਵੀ ਮੌਕਾ ਅਜਿਹਾ ਨਹੀਂ ਆਇਆ ਜਦੋਂ ਪੰਜਾਬ ਓਵਰ ਡਰਾਫਟ ਵਿੱਚ ਗਿਆ ਹੋਵੇ। ਵਿੱਤ ਮੰਤਰੀ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਬਜਟ ਚਰਚਾ ਦੀ ਸਮਾਪਤੀ ਮੌਕੇ ਵਿਰੋਧੀ ਧਿਰ ਵੱਲੋਂ ਉਠਾਏ ਵਿੱਤੀ ਮਾਮਲਿਆਂ ਦਾ ਜਵਾਬ ਦੇ ਰਹੇ ਸਨ।
ਸਦਨ ਵਿੱਚ ਰਿਪੋਰਟ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 2017-18 ਦੌਰਾਨ ਪੰਜਾਬ 100 ਦਿਨ, ਸਾਲ 2018-19 ਦੌਰਾਨ 63 ਦਿਨ ਅਤੇ ਸਾਲ 2019-20 ਦੌਰਾਨ 47 ਦਿਨ ਓਵਰਡਰਾਫਟ ਵਿੱਚ ਰਿਹਾ। ਇਸ ਦੌਰਾਨ ਪੰਜਾਬ ਵਿੱਚ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਅਤੇ ਇੱਕ ਤਰ੍ਹਾਂ ਨਾਲ ਵਿੱਤੀ ਐਮਰਜੈਂਸੀ ਵਾਲੀ ਸਥਿਤੀ ਬਣੀ ਰਹੀ।
ਕਰਜ਼ਾ ਲਿਆ ਪਰ ਉਸ ਤੋਂ ਵੱਧ ਵਾਪਸ ਵੀ ਕੀਤਾ
ਹਰਪਾਲ ਚੀਮਾ ਨੇ ਕਿਹਾ ਕਿ ਮੌਜੂਦਾ ਵਿੱਤੀ ਢਾਂਚੇ ਅਨੁਸਾਰ ਅਗਲੇ ਇੱਕ ਸਾਲ ਲਈ ਪੰਜਾਬ ਦੀ ਕਰਜ਼ਾ ਹੱਦ 55 ਹਜ਼ਾਰ ਕਰੋੜ ਹੈ। ਇਸ ਦੇ ਬਾਵਜੂਦ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬ ਨੂੰ 35 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਨਾ ਚੁੱਕਣਾ ਪਵੇ।
ਚੀਮਾ ਨੇ ਦਾਅਵਾ ਕੀਤਾ ਕਿ ਬਿਹਤਰ ਵਿੱਤ ਪ੍ਰਬੰਧਨ ਸਦਕਾ ਪੰਜਾਬ ਸਰਕਾਰ 36 ਹਜ਼ਾਰ ਕਰੋੜ ਦਾ ਪੁਰਾਣਾ ਕਰਜ਼ਾ ਵੀ ਅਗਲੇ ਇੱਕ ਸਾਲ ਦੇ ਅੰਦਰ ਵਾਪਿਸ ਕਰ ਦੇਵੇਗੀ।ਇਸ ਕਾਰਜਕਾਲ ਦੌਰਾਨ 8 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ, ਜਦਕਿ 10 ਹਜ਼ਾਰ 500 ਕਰੋੜ ਦਾ ਕਰਜ਼ਾ ਵੀ ਵਾਪਸ ਕਰ ਦਿੱਤਾ ਗਿਆ ਹੈ।