India News (ਇੰਡੀਆ ਨਿਊਜ਼), Farmers’ Protest Will Continue, ਚੰਡੀਗੜ੍ਹ : ਖਨੋਰੀ ਬਾਡਰ ਉਤੇ ਗੋਲੀ ਦਾ ਸ਼ਿਕਾਰ ਹੋਏ ਨੌਜਵਾਨ ਕਿਸਾਨ ਸ਼ੁਭ ਕਰਨ ਦਾ ਚਾਰ ਦਿਨ ਬਾਅਦ ਵੀ ਪੋਸਟਮਾਰਟਮ ਨਾ ਹੋ ਸਕਿਆ। ਸ਼ੁਭ ਕਰਮ ਦੀ ਡੈਡ ਬਾਡੀ ਪਟਿਆਲਾ ਦੇ ਹਸਪਤਾਲ ਵਿੱਚ ਰੱਖੀ ਹੋਈ ਹੈ ਅਤੇ ਹਸਪਤਾਲ ਦੇ ਚਾਰੇ ਪਾਸੇ ਪੁਲਿਸ ਦੀ ਚੌਕਸੀ ਵਧਾਈ ਗਈ ਹੈ।
ਨੌਜਵਾਨ ਕਿਸਾਨ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਬਣੇ ਘਟਨਾਕਰਮ ਨੂੰ ਦੇਖਦੇ ਹੋਏ ਕਿਸਾਨ ਨੇਤਾਵਾਂ ਨੇ ਸ਼ੰਭੂ ਬਾਰਡਰ, ਬਠਿੰਡਾ ਅਤੇ ਡੱਬਵਾਲੀ ਵਿੱਚ ਅਤੇ ਖਨੋਰੀ ਬਾਰਡਰ ਉੱਤੇ ਮੋਮਬੱਤੀ ਮਾਰਚ ਕੱਢਿਆ ਅਤੇ ਇਨਸਾਫ ਦੀ ਮੰਗ ਕਰਦਿਆਂ ਸ਼ਾਂਤੀ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਜਨਰਲ ਸਕੱਤਰ ਅਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ।
ਸੀਐਮ ਪੰਜਾਬ ਭਗਵੰਤ ਮਾਨ ਦੇ ਦਖਲ ਤੋਂ ਬਾਅਦ
ਖਨੋਰੀ ਬਾਰਡਰ ਉੱਤੇ ਜ਼ਖਮੀ ਕਿਸਾਨ ਪ੍ਰਿਤਪਾਲ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਗੋਰਤਲਬ ਹੈ ਕਿ ਜਖਮੀ ਹੋਣ ਤੋਂ ਬਾਅਦ ਕਿਸਾਨ ਪ੍ਰਿਤਪਾਲ ਨੂੰ ਰੋਹਤਕ ਦੀ ਪੀਜੀਆਈ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਲੇਕਿਨ ਕਿਸਾਨ ਆਗੂਆਂ ਅਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਇਲਾਜ ਸਹੀ ਨਹੀਂ ਹੋ ਰਿਹਾ।
ਜਿਸ ਤੋਂ ਬਾਅਦ ਸੀਐਮ ਪੰਜਾਬ ਭਗਵੰਤ ਮਾਨ ਦੇ ਦਖਲ ਤੋਂ ਬਾਅਦ ਪ੍ਰਿਤਪਾਲ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਹਾਈਕੋਰਟ ਨੇ ਵੀ ਮਾਮਲੇ ਨੂੰ ਲੈ ਕੇ ਪ੍ਰਿਤਪਾਲ ਦੀ ਮੈਡੀਕਲ ਰਿਪੋਰਟ ਹਰਿਆਣਾ ਸਰਕਾਰ ਤੋਂ ਮੰਗੀ ਹੈ।
ਗੁਰਜੰਟ ਦਾ ਮ੍ਰਿਤਕ ਸਰੀਰ ਸ਼ੰਭੂ ਬਾਰਡਰ ਉੱਤੇ ਲਿਜਾਇਆ ਜਾਵੇਗਾ
ਸ਼ੰਭੂ ਬਾਰਡਰ ਉੱਤੇ ਚੱਲ ਰਹੇ ਕਿਸਾਨ ਧਰਨੇ ਵਿੱਚ ਸ਼ਾਮਿਲ ਹੋਣ ਲਈ ਫਿਰੋਜ਼ਪੁਰ ਤੋਂ ਆ ਰਹੇ ਕਿਸਾਨ ਗੁਰਜੰਟ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਗੁਰਜੰਟ ਸਿੰਘ ਸ਼ੰਭੂ ਬਾਰਡਰ ਉੱਤੇ ਚੱਲ ਰਹੇ ਕਿਸਾਨ ਧਰਨੇ ਵਿੱਚ ਸ਼ਾਮਿਲ ਹੋਣ ਆ ਰਿਹਾ ਸੀ ਕਿ ਜਿਸ ਟਰੈਕਟਰ ਟਰਾਲੀ ਵਿੱਚ ਉਹ ਬੈਠਿਆ ਹੋਇਆ ਸੀ ਉਸ ਦਾ ਹਾਦਸਾ ਹੋ ਗਿਆ ਅਤੇ ਗੁਰਜੰਟ ਸਿੰਘ ਮੌਤ ਹੋ ਗਈ। ਪੋਸਟਮਾਰਟਮ ਹੋਣ ਤੋਂ ਬਾਅਦ ਐਤਵਾਰ ਨੂੰ ਗੁਰਜੰਟ ਸਿੰਘ ਦਾ ਮ੍ਰਿਤਕ ਸਰੀਰ ਸ਼ੰਭੂ ਬਾਰਡਰ ਉੱਤੇ ਲਿਜਾਇਆ ਜਾਵੇਗਾ।